ਖ਼ਾੜਕੂ ਯੋਧੇ ਭਾਗ - ੧
ਸਿੱਖ ਇਤਿਹਾਸ ਪੜ੍ਹੀਏ ਤਾਂ ਸਾਨੂੰ ਉਹਨਾਂ ਸ਼ਹੀਦਾਂ ਦੀ ਯਾਦ ਤਾਜ਼ਾ ਹੋ ਆਉਂਦੀ ਹੈ, ਜਿਨ੍ਹਾਂ ਨੇ ਚੌਰਾਹਿਆਂ ਵਿਚ ਬੈਠ ਕੇ ਆਪਣੇ ਸਰੀਰ ਨੂੰ ਕਟਾਇਆ।
ਉਹਨਾਂ ਸ਼ਹੀਦਾਂ ਦੀ ਯਾਦ ਸਾਡੇ ਡੌਲਿਆਂ ਨੂੰ ਫਰਕਣ ਦਾ ਜੋਸ਼ ਲਿਆਉਂਦੀ, ਜਿਨ੍ਹਾਂ ਸ਼ਹੀਦਾਂ ਨੇ ਰੰਬੀਆਂ ਨਾਲ ਖੱਪਰ ਲੁਹਾਇਆ, ਆਰਿਆਂ ਨਾਲ ਦੋ ਫਾੜ ਹੋ ਗਏ, ਬੰਦ-ਬੰਦ ਕਟਵਾ ਦਿੱਤਾ, ਜਿਹੜੇ ਉੱਬਲਦੀਆਂ ਦੇਗਾਂ ਵਿਚ ਬੈਠ ਗਏ, ਉਹਨਾਂ ਦੀ ਕਥਾ ਸੁਣ ਕੇ ਜਿਹੜੇ ਸ਼ਹੀਦਾਂ ਨੇ 18 ਕਿਲੋ ਦਾ ਖੰਡਾ ਉਠਾ ਕੇ ਜ਼ਾਲਮਾਂ ਨਾਲ ਕੱਟੇ ਹੋਏ ਸੀਸ ਨੂੰ ਤਲੀ ਉਪਰ ਰੱਖ ਕੇ ਲੜਿਆ ਹੈ ਤਾਂ ਹਰ ਮਾਂ ਆਪਣੇ ਪੁੱਤਰ ਨੂੰ ਸ਼ਹੀਦੀ ਗਾਨਾ ਬੰਨ੍ਹਣ ਵਾਸਤੇ ਤਿਆਰ ਹੋ ਜਾਂਦੀ ਹੈ। ਕਹਿੰਦੇ ਹਨ ਕਿ ਸ਼ਹੀਦਾਂ ਦੀਆਂ ਕਹਾਣੀਆਂ ਨਹੀਂ ਹੁੰਦੀਆਂ, ਸ਼ਹੀਦਾਂ ਦੀਆਂ ਵਾਰਾਂ ਹੁੰਦੀਆਂ ਨੇ, ਸ਼ਹੀਦਾਂ ਦੀ ਕਥਾ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤਕ ਸ਼ਹੀਦਾਂ ਦੀ ਕਤਾਰ ਬਣੀ ਆਈ ਹੈ। ਇਤਿਹਾਸ ਇਹ ਵੀ ਲਿਖਦਾ ਹੈ ਕਿ ਕਿਸੇ ਸਿੱਖ ਨੇ ਖੰਡੇ ਨਾਲ ਰਾਜ ਕੀਤਾ, ਕਿਸੇ ਨੇ ਇਕ ਡੰਡੇ ਮਾਤਰ ਨਾਲ ਰਾਜ ਕੀਤਾ, ਕਿਸੇ ਸਿੱਖ ਨੇ ਤੀਰਾਂ ਨਾਲ ਰਾਜ ਕੀਤਾ, ਕਿਸੇ ਨੇ ਬਾਹੂਬਲ ਸ਼ਕਤੀ ਨਾਲ ਰਾਜ ਕੀਤਾ ਅਤੇ ਕਿਸੇ ਨੇ ਭਗਤੀ ਨਾਲ ਰਾਜ ਕੀਤਾ। ਕਿਸੇ ਸਿੱਖ ਨੇ ਆਪਣੇ ਧਰਮ ਨੂੰ ਦਾਗ਼ ਨਹੀਂ ਲੱਗਣ ਦਿੱਤਾ ਅਤੇ ਸਰੀਰ ਉਪਰ ਕਸ਼ਟ ਸਹਾਰਦੇ ਹੋਏ ਸ਼ਹੀਦੀ ਪਾ ਗਏ। ਉਹਨਾਂ ਦੀ ਕੁਰਬਾਨੀ ਨੂੰ ਦੇਖਿਆ ਜਾਵੇ ਤਾਂ ਖੋਪਰੀਆਂ ਲੁਹਾਉਣ ਵਾਲੇ ਸਿੱਖਾਂ ਨਾਲੋਂ ਘੱਟ ਨਹੀਂ ਹਨ। ਅੱਜ ਕੱਲ ਵੀ ਸਿੱਖਾਂ ਨੂੰ ਜ਼ਾਲਮਾਂ ਰਾਹੀਂ ਗੱਡੀਆਂ ਪਿੱਛੇ ਪਾ ਕੇ ਧੂਹਿਆ ਜਾਂਦਾ ਹੈ, ਉਹਨਾਂ ਦੀਆਂ ਅੱਖਾਂ ਕੱਢ ਦਿੰਦੇ ਹਨ। ਜ਼ਾਲਮ ਉਂਗਲਾਂ ਦੇ ਨਹੁੰ ਜਮੂਰਾਂ ਨਾਲ ਖਿੱਚ ਦਿੰਦੇ ਹਨ। ਵਿਰਸੇ ਵਿਚ ਮਿਲਿਆ ਇਹ ਸ਼ਹੀਦੀ ਦੌਰ ਅਜੇ ਖ਼ਤਮ ਨਹੀਂ ਹੋਇਆ